ਪਟਿਆਲਾ, 23 ਅਪ੍ਰੈਲ 2022
ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਾਹਿਤਕ ਗੋਸ਼ਟੀ ਦਾ ਆਯੋਜਨ
ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ‘ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀਆਂ ਵਿੱਚ ਸਾਹਿਤਕ ਚਿਣਗ ਅਤੇ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਮਾਸਕ ਸਾਹਿਤਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸਾਹਿਤ ਅਤੇ ਕਲਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਸਭ ਤੋਂ ਪਹਿਲਾਂ ਵੱਖ-ਵੱਖ ਸਾਹਿਤਕ ਰੂਪਾਂ ਦੀ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਅੱਜ ਦੇ ਆਪਾ-ਧਾਪੀ ਅਤੇ ਸਵਾਰਥ ਭਰੇ ਦੌਰ ਵਿੱਚ ਸਾਹਿਤ ਅਤੇ ਕਲਾ ਵਿੱਚ ਦਿਲਚਸਪੀ ਰੱਖਣ ਲਈ ਵਧਾਈ ਦਿੱਤੀ। ਉਹਨਾਂ ਸਾਹਿਤ ਨੂੰ ਸਮੇਂ ਅਤੇ ਸਥਾਨ ਤੋਂ ਪਾਰ ਦੱਸਦਿਆਂ ਇਸਨੂੰ ਮਨੁੱਖੀ ਸੰਵੇਦਨਾਵਾਂ ਦਾ ਧੁਰਾ ਕਿਹਾ। ਉਹਨਾਂ ਗੁਰੂ ਨਾਨਕ ਦੇਵ ਜੀ ਨੂੰ ਨਾ ਕੇਵਲ ਅਧਿਆਤਮਕ ਗੁਰੂ ਸਗੋਂ ਇੱਕ ਮਹਾਨ ਯਾਤਰੀ ਅਤੇ ਫਿਲਾਸਫ਼ਰ ਵਜੋਂ ਅਪਣਾਉਣ ‘ਤੇ ਜ਼ੋਰ ਦਿੱਤਾ। ਉਹਨਾਂ ਮਨੁੱਖੀ ਜ਼ਿੰਦਗੀ ਵਿੱਚ ਸਾਹਿਤ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਮਹਾਂਭਾਰਤ, ਮੇਘਦੂਤ ਅਤੇ ਪਹਿਲਾ ਅਧਿਆਪਕ ਵਰਗੀਆਂ ਮਹਾਨ ਸਾਹਿਤਕ ਰਚਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਿਆਰਥੀ ਜੀਵਨ ਵਿੱਚ ਅਜਿਹੀਆਂ ਸਾਹਿਤਕ ਗੋਸ਼ਟੀਆਂ ਦੇ ਯੋਗਦਾਨ ਦੀ ਮਹੱਤਤਾ ਬਾਰੇ ਜ਼ਿਕਰ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਹਨਾਂ ਸਰਗਰਮੀਆਂ ਵਿੱਚ ਭਾਗ ਲੈਣ ਵਾਲੇ ਕਾਲਜ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਸਮੇਂ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਸੰਵਦੇਨਾਵਾਂ ਨੂੰ ਆਪਣੀਆਂ ਸਾਹਿਤਕ ਰਚਨਾਵਾਂ ਰਾਹੀਂ ਪੇਸ਼ ਕੀਤਾ। ਵਿਦਿਆਰਥੀਆਂ ਨੇ ਇਹਨਾਂ ਰਚਨਾਵਾਂ ਰਾਹੀਂ ਵਿਭਿੰਨ ਸਮਾਜਕ ਮੁੱਦਿਆਂ ਨੂੰ ਸੰਵੇਦਨਸ਼ੀਲਤਾ ਨਾਲ ਛੂਹਣ ਦਾ ਯਤਨ ਕੀਤਾ। ਇਸ ਵਿੱਚ ਵਿਦਿਆਰਥੀ ਰਮਣੀਕ ਕੌਰ, ਹਰਪਿੰਦਰ ਸਿੰਘ, ਇੰਦਰਪ੍ਰੀਤ ਕੌਰ, ਹਰਸ਼, ਗੁਰਮੁਖ ਸਿੰਘ ਧਾਲੀਵਾਲ, ਜਸਪ੍ਰੀਤ ਕੌਰ, ਤੁਸ਼ਾਰ, ਆਰੀਅਨ, ਹਰਪ੍ਰੀਤ ਸਿੰਘ, ਤੇਜਪਾਲ ਸਿੰਘ, ਯਸ਼ਪਾਲ, ਸ਼ਿਵਚਰਨ ਸਿੰਘ, ਮਹਿਕਦੀਪ ਸਿੰਘ, ਜਸਪ੍ਰੀਤ ਸਿੰਘ, ਈਸ਼ਾ ਰਾਣੀ, ਸਹਿਲੀਨ ਕੌਰ, ਗੌਰਵ ਠਾਕੁਰ ਅਤੇ ਅਰਸ਼ਾ ਤਨਿਸ਼ਾ ਬੇਗਮ ਨੇ ਆਪਣੀਆਂ ਰਚਨਾਵਾਂ ਰਾਹੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਸਾਹਿਤਕ ਗੋਸ਼ਟੀ ਵਿੱਚ ਪ੍ਰੋ. ਜਗਦੀਪ ਕੌਰ (ਭੂਗੋਲ ਵਿਭਾਗ) ‘ਏਕ ਭਾਰਤ ਸ਼੍ਰੇਸ਼ਟ ਭਾਰਤ’ ਨਾਮੀ ਪ੍ਰੋਗਰਾਮ ਦੇ ਇੰਚਾਰਜ ਵਜੋਂ ਸ਼ਾਮਿਲ ਹੋਏ। ਇਸ ਤਹਿਤ ਵਿਦਿਆਰਥੀ ਗੌਰਵ ਠਾਕੁਰ ਅਤੇ ਅਰਸ਼ਾ ਤਨਿਸ਼ਾ ਬੇਗਮ ਨੇ ਤਿਲੰਗਾਨਾ ਦੇ ਸੱਭਿਆਚਾਰ ਅਤੇ ਭਾਸ਼ਾ ਬਾਰੇ ਭਾਵਪੂਰਤ ਰਿਪੋਰਟ ਪੇਸ਼ ਕੀਤੀ। ਅੰਤ ਵਿੱਚ ਡਾ. ਦੀਪਕ ਕੁਮਾਰ ਨੇ ਸਮੁੱਚੀਆਂ ਰਚਨਾਵਾਂ ਉੱਪਰ ਆਪਣਾ ਪ੍ਰਤੀਕਰਮ ਦਿੰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਅਗਲੇਰੀਆਂ ਰਚਨਾਵਾਂ ਦੀ ਸਿਰਜਣਾ ਲਈ ਸੁਯੋਗ ਸੁਝਾਅ ਦਿੱਤੇ। ਇਸ ਸਾਹਿਤਕ ਗੋਸ਼ਟੀ ਦੇ ਮੰਚ ਸੰਚਾਲਨ ਦਾ ਕਾਰਜ ਡਾ. ਦਵਿੰਦਰ ਸਿੰਘ ਨੇ ਬਾਖ਼ੂਬੀ ਨਿਭਾਇਆ ਅਤੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।